Aqaab - 9 books and stories free download online pdf in Punjabi

ਉਕਾ਼ਬ - 9

ਨੌ

(9)

ਮਸਰੂ ਅੰਕਲ ਦੇ ਦੁਨੀਆਂ ਤੋਂ ਚਲੇ ਜਾਣ ਮਗਰੋਂ ਤਨਿਸ਼ਕ ਭਾਵੇਂ ਸ਼ਹਿਰ ਦੀ ਭੀੜ ਵਿੱਚ ਚੱਲਦਾ ਰਿਹਾ, ਪਰ ਅੰਦਰੋਂ—ਅੰਦਰ ਆਪਣੇ ਆਪ ਵਿੱਚ ਇਕੱਲਾ ਮਹਿਸੂਸ ਕਰਦਾ ਰਿਹਾ। ਉਸਨੇ ਗਲੀ ਨੰ: 56 ਵਾਲੇ ਆਪਣੇ ਸੈਲੂਨ ਤੋਂ ਬਹੁਤ ਕਮਾਈ ਕੀਤੀ, ਨਾਮ ਕਮਾਇਆ, ਆਪਣੇ ਗਾਹਕਾਂ ਦਾ ਮਨ ਵੀ ਜਿੱਤ ਲਿਆ। ਪਰ ਹੁਣ ਇੱਥੇ ਉਸਦਾ ਮਨ ਉਚਾਟ ਹੁੰਦਾ ਜਾਂਦਾ ਸੀ। ਉਹ ਕਦੇ—ਕਦੇ ਮੌਕਾ ਪਾ ਕੇ ਵਰਲਡ ਟ੍ਰੇਡ ਸੈਂਟਰ ਦੇ ਪਾਸ ਬਣੇ ਯਾਦਗਾਰੀ ਪੂਲ ਤੇ ਜਾਂਦਾ, ਜਿਸਦੀ ਦੀਵਾਰ ਤੇ ਸੈਂਕੜੇ ਹੋਰਨਾ ਦੇ ਨਾਲ ਮਸਰੂ ਅੰਕਲ ਦਾ ਨਾਂ ਵੀ ਸਦਾ ਵਾਸਤੇ ਉਕਰਿਆ ਜਾ ਚੁੱਕਾ ਸੀ। ਉਹ ਉਸ ਦੇ ਨਾਮ ਤੇ ਇੱਕ ਪੀਲਾ ਗੁਲਾਬ ਚੜ੍ਹਾ ਕੇ ਅਦਬ ਪੇਸ਼ ਕਰਦਾ।

ਪਰ ਹੁਣ ਆਪਣਾ ਇਕੱਲ ਉਸਨੂੰ ਮਹਿਸੂਸ ਹੋਣ ਲੱਗਾ। ਹੁਣ ਤਾਂ ਉਸਦਾ ਮਨ ਸ਼ੇਖ ਸਾਹਿਬ ਦੀਆਂ ਗੱਲਾਂ ਵਿੱਚ ਵੀ ਨਹੀਂ ਸੀ ਲੱਗਦਾ, ਕਿਉਂਕਿ ਉਹ ਹੁਣ ਆਪਣੇ ਕਾਰੋਬਾਰ ਨੂੰ ਹੋਰ ਜ਼ਿਆਦਾ ਪ੍ਰਫੁੱਲਤ ਕਰਨਾ ਚਾਹੁੰਦੇ ਸਨ ਤੇ ਇਸੇ ਸਿਲਸਿਲੇ ਵਿੱਚ ਘੁੰਮਦੇ—ਫਿਰਦੇ ਰਹਿੰਦੇ ਰਹੇ।

ਜਦੋਂ ਕਿਸੇ ਦਰਖ਼ਤ ਦੀਆਂ ਜੜ੍ਹਾਂ ਢਿੱਲੀਆਂ ਹੋਣ ਲੱਗਣ ਤਾਂ ਸਮਝੋ ਉਸ ਦੀ ਉਮਰ ਬੀਤ ਗਈ ਹੈ। ਤਨਿਸ਼ਕ ਵੀ ਆਪਣੇ ਮੁਲਕ ਜਾਪਾਨ ਵਿੱਚ ਵਾਪਸ ਪਰਤ ਜਾਣ ਦੀਆਂ ਕੋਸ਼ਿਸ਼ਾਂ ਆਰੰਭ ਕਰ ਦਿੱਤੀਆਂ ਸਨ। ਪਰ ਉਸਨੂੰ ਇਹੋ ਇੱਕ ਸਵਾਲ ਕਚੋਟਦਾ ਸੀ ਕਿ ਉਹ ਜਾਪਾਨ ਪਰਤ ਕੇ ਜਾਵੇਗਾ ਕਿੱਥੇ? ਆਪਣੇ ਦੇਸ਼ ਦੀ ਯਾਦ ਅਤੇ ਖੁਸ਼ਬੋ ਤੋਂ ਛੁੱਟ ਹੋਰ ਕੁਝ ਨਹੀਂ ਸੀ ਜੋ ਤਨਿਸ਼ਕ ਨੂੰ ਆਪਣੇ ਵਤਨ ਤੇ ਆਪਣੇ ਪਿੰਡ ਜਾਣ ਲਈ ਮਜ਼ਬੂਰ ਕਰੇ।

ਇੱਕ ਦਿਨ ਤਨਿਸ਼ਕ ਨੇ ਫੈਸਲਾ ਕਰ ਲਿਆ ਕਿ ਉਹ ਨਿਊਯਾਰਕ ਛੱਡ ਦੇਵੇਗਾ, ਅਮਰੀਕਾ ਨੂੰ ਤਿਆਗ ਜਾਵੇਗਾ। ਉਸ ਦਿਨ ਸ਼ਾਮ ਬੈਠਿਆਂ ਸ਼ੇਖ ਸਾਹਿਬ ਨੂੰ ਵੀ ਆਪਣੇ ਫੈਸਲੇ ਤੋਂ ਜਾਣੂ ਕਰਵਾਇਆ ਤਾਂ ਉਨ੍ਹਾਂ ਨੇ ਇੱਕ ਡੂੰਘੀ ਝਾਤ ਮਾਰਨ ਤੋਂ ਇਲਾਵਾ ਕੁੱਝ ਨਹੀਂ ਸੀ ਕਿਹਾ। ਤਨਿਸ਼ਕ ਵੀ ਚੁਪ—ਚਾਪ ਉਨ੍ਹਾਂ ਦੇਪੈਰਾਂ ਨੂੰ ਆਪਣੀ ਗੋਦ ਵਿੱਚ ਰੱਖਕੇ ਆਪਣਾ ਕੰਮ ਕਰਦਾ ਰਿਹਾ। ਕੁੱਝ ਦੇਰ ਮਗਰੋਂ ਸ਼ੇਖ ਸਾਹਿਬ ਨੇ ਰੁਖ ਪਲਟਿਆ। ਸੰਭਵ ਹੈ ਕਿ ਉਨ੍ਹਾਂ ਨੇ ਮਨ ਹੀ ਮਨ ਤਨਿਸ਼ਕ ਬਾਰੇ ਕੁੱਝ ਸੋਚ ਲਿਆ ਹੋਵੇਗਾ। ਉਨ੍ਹਾਂ ਨੇ ਤਨਿਸ਼ਕ ਨੂੰ ਆਪਣੇ ਨਾਲ ਲਾ ਕੇ ਕਿਹਾ—ਜਾਪਾਨ ਹੀ ਜਾਣਾ ਹੈ?

ਹੋਰ ਕਿੱਥੇ ਜਾਣਾ? ਤਨਿਸ਼ਕ ਦਾ ਭੋਲਾਪਨ ਬੋਲਿਆ। ਪਾਕਿਸਤਾਨ ਜਾਓਗੇ? ਸ਼ੇਖ ਸਾਹਿਬ ਨੇ ਪੁੱਛਿਆ।

ਪਾਕਿਸਤਾਨ? ਉੱਥੇ ਕੌਣ ਏ।।। ਮੇਰਾ ਭਾਵ ਕਿ ਉੱਥੇ ਕੀ ਹੈ, ਉੱਥੇ ਹੀ ਕਿਉਂ? ਤਨਿਸ਼ਕ ਨੇ ਹੌਂਸਲੇ ਨਾਲ ਕਿਹਾ।

ਜਦ ਜਾਪਾਨ ਵਿੱਚ ਤੇਰਾ ਘਰ ਨਹੀਂ, ਘਰ ਦਾ ਕੋਈ ਹੋਰ ਨਹੀਂ ਤਾਂ ਫੇਰ ਤੁਸੀਂ ਪਾਕਿਸਤਾਨ ਚਲੋ, ਮੈਂ ਉੱਥੇ ਕੋਈ ਕੰਮ ਸ਼ੁਰੂ ਕਰਨਾ ਚਾਹੁੰਦਾ ਹਾਂ।

ਤਾਂ ਸਾਹਿਬ! ਪਾਕਿਸਤਾਨ ਦੀ ਬਜਾਇ ਹਿੰਦੁਸਤਾਨ ਵਿੱਚ ਸ਼ੁਰੂ ਕਰੋ ਨਾ।।। ਤਨਿਸ਼ਕ ਨੇ ਜ਼ਰਾ ਝਕਦਿਆਂ ਤਜ਼ਵੀਜ਼ ਦਿੱਤੀ।

ਚਲ ਠੀਕ ਏ, ਕੋਈ ਫ਼ਰਕ ਨਹੀਂ, ਅਸੀਂ ਕਸ਼ਮੀਰ ਜਾਵਾਂਗੇ, ਸ਼ੇਖ

ਸਾਹਿਬ ਨੇ ਖੁਲਾਸਾ ਕੀਤਾ।

ਉੱਥੇ ਆਪ ਜੀ ਨੇ ਕੀ ਸੋਚਿਆ ਹੈ? ਸ਼ੇਖ ਸਾਹਿਬ ਦੇ ਮੂੰਹ ਲੱਗ ਤਨਿਸ਼ਕ ਨੇ ਸਿੱਧਾ ਹੀ ਪੁੱਛ ਲਿਆ।

ਉੱਥੇ ਇੱਕ ਦੋਸਤ ਹੈ ਮੇਰਾ। ਵੱਡਾ ਨੇਤਾ ਬਣ ਚੁੱਕਾ ਹੈ। ਆਖਦਾ ਹੈ ਕਿ ਕਸ਼ਮੀਰ ਦੇ ਸਭ ਕੰਮ—ਧੰਦੇ ਤੇ ਵਪਾਰ ਠੱਪ ਹੋ ਚੁੱਕਾ ਹੈ। ਸਰਕਾਰ ਨਵੇਂ ਸਿਰੇ ਤੋਂ ਰੁਜ਼ਗਾਰ ਮੁਹਈਆ ਕਰਵਾ ਕੇ ਲੋਕਾਂ ਨੂੰ ਵਸਾਉਣਾ ਚਾਹੁੰਦੀ ਹੈ। ਜਿਹੜੇ ਲੋਕ ਕਸ਼ਮੀਰ ਨੂੰ ਛੱਡ ਗਏ ਸਨ, ਉਨ੍ਹਾਂ ਨੂੰ ਮੁੜ ਆਪਣੇ ਦੇਸ਼ ਆਉਣ ਦਾ ਸੱਦਾ ਦੇ ਰਹੀ ਹੈ। ਉਨ੍ਹਾਂ ਨੂੰ ਜਗ੍ਹਾ ਵੀ ਮਿਲੇਗੀ ਤੇ ਪੈਸਾ ਵੀ ਤਾਂ ਕਿ ਉਹ ਆਪਣਾ ਕੰਮ—ਧੰਦਾ ਸ਼ੁਰੂ ਕਰ ਸਕਣ।

ਸ਼ੇਖ ਸਾਹਿਬ ਦੀ ਗੱਲ ਮੁਕਦਿਆਂ ਹੀ ਤਨਿਸ਼ਕ ਦੀਆਂ ਅੱਖਾਂ ’ਚ ਚਮਕ ਆ ਗਈ। ਉਸ ਨੂੰ ਇੱਥੋਂ ਕੱਢ ਕੇ ਏਸ਼ੀਆ ਜਾਣ ਅਤੇ ਆਪਣੇ ਵਤਨ ਦੇ ਨੇੜੇ ਹੋ ਜਾਣ ਦੀ ਸੋਚ ਨੇ ਰਾਹਤ ਦਿੱਤੀ। ਨਾਲੇ ਸ਼ੇਖ ਸਾਹਿਬ ਦੇ ਕੰਮ—ਕਾਰ ਦਾ ਸਹਾਰਾ ਮਿਲ ਜਾਣ ਨਾਲ ਤਾਂ ਜਿਵੇਂ ਉਸਦੇ ਮਨ ਦੀ ਮੁਰਾਦ ਪੂਰੀ ਹੋ ਚੁੱਕੀ ਸੀ। ਉਸਨੇ ਸ਼ੇਖ ਸਾਹਿਬ ਦੇ ਹੱਥ ਨੂੰ ਜਿਸ ਗਰਮ ਜੋਸ਼ੀ ਨਾਲ ਫੜਿਆ, ਉਸ ਨਾਲ ਉਹ ਸਮਝ ਗਏ ਕਿ ਤਨਿਸ਼ਕ ਨੂੰ ਉਨ੍ਹਾਂ ਦੀ ਤਜਵੀਜ਼ ਪਸੰਦ ਆ ਗਈ ਏ। ਉਨ੍ਹਾਂ ਦੇ ਲਈ ਤਾਂ ਦੁਨੀਆਂ ਭਰ ਵਿੱਚ ਆਪਣਾ ਕਾਰੋਬਾਰ ਫੈਲਾਉਣ ਦੀ ਖਵਾਹਿਸ਼ ਨੂੰ ਇੱਕ ਹੋਰ ਟਿਕਾਣਾ ਮਿਲ ਰਿਹਾ ਸੀ, ਪਰ ਤਨਿਸ਼ਕ ਦੇ ਲਈ ਉਸ ਦੀ ਜ਼ਿੰਦਗੀ ਮੁੜ ਇੱਕ ਨਵੇਂ ਬਦਲਾਓ ਦੇ ਮੋੜ ਤੇ ਖੜ੍ਹੀ ਸੀ।

ਰਾਤ ਜਦ ਆਪਣੇ ਕਮਰੇ ਵਿੱਚ ਆ ਕੇ ਲੇਟ ਗਿਆ ਤਾਂ ਤਨਿਸ਼ਕ ਪੁਰਾਣੇ ਖਿਆਲਾਂ ਦੇ ਪੁਲੰਦੇ ਖੋਲ੍ਹ ਬੈਠਾ। ਉਸਨੂੰ ਯਾਦ ਆਇਆ ਕਿ ਉਸਦੇ ਪਿੰਡ ਵਿੱਚ ਮਿਲਿਆ ਬੌਧ ਲਾਮਾ ਕਸ਼ਮੀਰ (ਭਾਰਤ) ਤੋਂ ਹੀ ਆਇਆ ਸੀ। ਇਸ ਨੂੰ ਲਾਮੇ ਨਾਲ ਮੁਲਾਕਾਤ ਵਾਲੀ ਯਾਦ ਬਿਲਕੁਲ ਤਾਜ਼ਾ ਸੀ। ਉਸਦੇ ਮੁਲਾਇਮ ਵਿਚਾਰ ਨੂੰ ਇਸਨੇ ਬੜੀ ਗਰਮਜੋਸ਼ੀ ਨਾਲ ਯਾਦ ਕੀਤਾ। ਲਾਮੇ ਨੇ ਕਿਹਾ ਸੀ ਕਿ ਜੇਕਰ ਪਜਾਮੇ ਦੇ ਉੱਪਰ ਤੋਂ ਕੋਈ ਲੜਕੀ ਇੰਦ੍ਰੀ ਫੜ ਲਵੇ ਤਾਂ ਉਸ ਨਾਲ ਪਰਿਵਾਰ ਬਣ ਜਾਂਦਾ ਹੈ। ਤਨਿਸ਼ਕ ਇਹ ਸੋਚ ਕੇ ਮਿੰਨਾ—ਮਿੰਨਾ ਮੁਸਕਰਾਉਣ ਲੱਗ ਪਿਆ।

ਇੱਥੇ ਤਾਂ ਉਸਨੇ ਨਾ ਜਾਣੇ ਕਿੰਨੀਆਂ ਇੰਦ੍ਰੀਆਂ ਫੜੀਆਂ, ਪਤਾ ਨਹੀਂ ਕਿੰਨੀਆਂ ਛਾਤੀਆਂ ਫੜੀਆਂ, ਪਰ ਕਦੇ ਉਸਦਾ ਪਰਿਵਾਰ ਨਹੀਂ ਬਣਿਆ। ਉਸਦਾ ਘਰ ਨਹੀਂ ਵੱਸਿਆ। ਉਸਨੂੰ ਕਸ਼ਮੀਰ ਦੀ ਯਾਦ ਕਿਸੇ ਕੇਸਰ—ਕਿਆਰੀ ਵਾਂਗ ਆਉਣ ਲੱਗੀ। ਭਾਵੇਂ ਉਹ ਕਦੇ ਕਸ਼ਮੀਰ ਨਹੀਂ ਸੀ ਗਿਆ। ਉਹ ਤਾਂ ਕਸ਼ਮੀਰ ਤੋਂ ਆਏ ਇੱਕ ਲਾਮੇ ਨੂੰ ਹੀ ਮਿਲਿਆ ਸੀ। ਉਸ ਨੇ ਲਾਮੇ ਤੋਂ ਇੱਕ ਕਹਾਣੀ ਹੀ ਸੁਣੀ ਸੀ।

ਉਸਨੇ ਇਹ ਵੀ ਸੁਣਿਆ ਸੀ ਕਿ ਕਸ਼ਮੀਰ ਦੇ ਲੋਕ ਬੜੇ ਭੋਲੇ ਹੁੰਦੇ ਹਨ, ਤਾਂ ਹੀ ਤਾਂ ਸਭ ਪਾਸੇ ਦੇ ਲੋਕ ਉਨ੍ਹਾਂ ਦੇ ਹੱਥ ਫੜ—ਫੜ ਖਿੱਚਦੇ ਨੇ। ਲਾਮੇ ਨੇ ਦੱਸਿਆ ਸੀ ਕਿ ਇੱਕ ਪਾਸਿਓਂ ਚੀਨ ਖਿੱਚਦਾ ਹੈ ਤਾਂ ਦੂਸਰੇ ਪਾਸੇ ਪਾਕਿਸਤਾਨ, ਤੀਸਰੇ ਪਾਸੇ ਤਿਬੱਤ ਦੀ ਖਿੱਚ ਰਹਿੰਦੀ ਹੈ ਤੇ ਅਸਲੀ ਰਸਤਾ ਕਸ਼ਮੀਰ ਦਾ ਚੌਥੇ ਪਾਸੇ ਜ਼ਿਆਦਾ ਸ਼ਿੱਦਤ ਨਾਲ ਜਾਂਦਾ ਹੈ ਜਿੱਥੇ ਉਸਨੂੰ ਹਿੰਦੁਸਤਾਨ ਖਿੱਚਦਾ ਹੈ, ਭਾਰਤ।।। ਜਿਸਦਾ ਉਹ ਅਨਿੱਖੜਵਾਂ ਹਿੱਸਾ ਹੈ। ਕਸ਼ਮੀਰ ਦੇ ਲੋਕ ਬੜੇ ਸਿੱਧੇ ਤੇ ਖੂਬਸੂਰਤ ਹੁੰਦੇ ਨੇ। ਉੱਥੋਂ ਦੀਆਂ ਲੜਕੀਆਂ ਤਾਂ ਸੰਗਮਰਮਰੀ ਜਿਸਮਾਂ ਵਾਲੀਆਂ ਪਰੀਆਂ ਹੁੰਦੀਆਂ ਹਨ। ਉਹ ਹੋਰਨਾਂ ਥਾਵਾਂ ਦੀਆਂ ਕੁੜੀਆਂ ਵਾਂਗ ਆਪਣੇ ਪੱਟ ਖੁੱਲ੍ਹੇ ਰੱਖ ਕੇ ਨਹੀਂ ਘੁੰਮਦੀਆਂ। ਆਪਣੀਆਂ ਛਾਤੀਆਂ ਤੇ ਬੈਠਨ ਲਈ ਪਰਿੰਦਿਆਂ ਨੂੰ ਸੱਦਾ ਨਹੀਂ ਦਿੰਦੀਆਂ। ਇਹ ਤਾਂ ਆਪਣੀ ਫੁਲਵਾੜੀ ਨੂੰ ਪਰਦੇ ਦੀ ਓਟ ਕਰਕੇ ਆਪਣੀ ਗੰਧ ਚਾਰੇ ਪਾਸੇ ਫੈਲਾਉਂਦੀਆਂ ਹਨ। ਗੁਲਾਬੀ ਜਿਸਮ, ਕਾਲੇ—ਸੁਨਹਿਰੀ ਵਾਲ, ਲਾਲ ਕੁਦਰਤੀ ਬੁੱਲੀਆਂ ਅਤੇ ਮਾਸੂਮ ਮੱਛੀਆਂ ਵਰਗੀਆਂ ਅੱਖਾਂ। ਉਹ ਸੋਚ ਰਿਹਾ ਹੈ ਕਿ ਉੱਥੇ ਕਿਸੇ ਦੀ ਛਾਤੀ ਫੜਕੇ, ਉਸਨੂੰ ਆਪਣੇ ਬੱਚੇ ਦੇ ਦੁੱਧ ਦਾ ਕਟੋਰਾ ਬਣਾ ਲਏਗਾ। ਕੋਈ ਲੜਕੀ ਹੱਥਾਂ ਨਾਲ ਨਾ ਸਹੀ, ਭਾਵੇਂ ਆਪਣੀਆਂ ਨਜ਼ਰਾਂ ਨਾਲ ਹੀ ਉਸਦੀ ਇੰਦ੍ਰੀ ਫੜ ਕੇ ਤਾਂ ਦੇਖੇ।  ਤਨਿਸ਼ਕ ਨਾ ਜਾਣੇ ਕੀ—ਕੀ ਸੋਚਦਾ ਰਿਹਾ ਕਿ ਅਚਾਨਕ ਨੀਂਦ ਆ ਗਈ, ਨੀਂਦ ਵੀ ਬੜੀ ਚੈਨ ਵਾਲੀ ਸੀ।

ਉਹ ਸਵੇਰੇ ਵੀ ਬੜੀ ਦੇਰ ਤੀਕ ਸੌਂਦਾ ਰਿਹਾ।

ਸੈਲੂਨ ਵਿੱਚ ਵੀ ਹੁਣ ਉਸਦੇ ਵਿਵਹਾਰ ਵਿੱਚ ਪਰਿਵਰਤਨ ਆਉਣਾ ਸ਼ੁਰੂ ਹੋ ਚੁੱਕਾ ਸੀ। ਉਹ ਪਹਿਲਾਂ ਵਾਂਗ ਆਪਣੇ ਗਾਹਕਾਂ ਨਾਲ ਮੁਸਤੈਦੀ ਨਾਲ ਪੇਸ਼ ਨਾ ਆਉਂਦਾ। ਗਾਹਕ ਵੀ ਉਸਦੀਆਂ ਪੇਸ਼ੇਵਰ ਨਜ਼ਰਾਂ ਪਛਾਣ ਕੇ ਆਮ ਵਿਵਹਾਰ ਕਰਦੇ ਤੇ ਬੇਮੁੱਖ ਹੋਣ ਲੱਗੇ। ਹੁਣ ਜ਼ਿਆਦਾਤਰ ਗਾਹਕ ਉਸੇ ਕੋਲੋਂ ਕੰਮ ਕਰਵਾਉਂਣ ਨੂੰ ਤਰਜ਼ੀਹ ਨਹੀਂ ਸਨ ਦਿੰਦੇ। ਸੈਲੂਨ ਤੋਂ ਬਾਹਰ ਹੋਟਲਾਂ ਜਾਂ ਘਰਾਂ ਵਿੱਚ ਉਸਨੂੰ ਬੁਲਾਉਣ ਵਾਲਿਆਂ ਦੀ ਗਿਣਤੀ ਵੀ ਘੱਟਣ ਲੱਗ ਪਈ। ਪਰ ਇਸ ਸਭ ਨਾਲ ਉਸਦੇ ਉੱਪਰ ਕੋਈ ਦਬਾਅ ਨਹੀਂ ਸੀ, ਕਿਉਂਕਿ ਇਹ ਜੋ ਵਾਪਰ ਰਿਹਾ ਸੀ, ਸਭ ਉਸਦੇ ਆਪਣੇ ਵਤੀਰੇ ਦੇ ਬਦਲਾਅ ਅਤੇ ਲਏ ਗਏ ਫ਼ੈਸਲੇ ਕਰਕੇ ਹੀ ਹੋ ਰਿਹਾ ਸੀ। ਉਸਦੇ ਕੋਲ ਪੈਸੇ ਦੀ ਕੋਈ ਘਾਟ ਨਹੀਂ ਸੀ। ਖਾਸ ਗਾਹਕਾਂ ਤੋਂ ਅਤੇ ਸੈਲੂਨ ਦੇ ਕੰਮ ਤੋਂ ਉਸਨੂੰ ਭਰਪੂਰ ਕਮਾਈ ਹੁੰਦੀ ਸੀ। ਨਾਲੇ ਮਸਰੂ ਅੰਕਲ ਦੀ ਵਰਡਲ ਟ੍ਰੇਡ ਸੈਂਟਰ ਹਮਲੇ ਵਿੱਚ ਹੋਈ ਮੌਤ ਕਰਕੇ ਵੀ ਉਸਨੂੰ ਭਾਰੀ ਮੁਆਵਜ਼ਾ ਰਕਮ ਮਿਲੀ ਸੀ। ਉਹੀ ਤਾਂ ਇੱਕੋ—ਇੱਕ ਵਾਰਿਸ ਸੀ ਆਪਣੇ ਅੰਕਲ ਦਾ। ਮਸਰੂ ਦੇ ਲਈ ਕੋਈ ਸੁਨੇਹਾ ਜਾਂ ਖੋਜ਼—ਖ਼ਬਰ ਕੀਤੇ ਕੋਈ ਨਹੀਂ ਸੀ ਮਿਲੀ। ਅੰਕਲ ਤਾਂ ਸਿਰਫ਼ ਇਸਦੇ ਸਨ ਤੇ ਇਹ ਅੰਕਲ ਦਾ। ਇਸਦੇ ਦਿਲ ਵਿੱਚ ਅੰਕਲ ਮਸਰੂ ਲਈ ਬੇਹੱਦ ਸ਼ਰਧਾ ਸੀ। ਉਸਨੂੰ ਸਭ ਯਾਦ ਹੈ ਕਿ ਜਦ ਕਦੇ ਅੰਕਲ ਆਪਣੇ ਕੰਮ ਤੋਂ ਥੱਕੇ ਹਾਰੇ ਕਮਰੇ ਵਿੱਚ ਆਉਂਦੇ ਸਨ ਤਾਂ ਉਸਦਾ ਮਨ ਪਸੀਜ਼ ਜਾਂਦਾ ਤੇ ਅੰਕਲ ਦੇ ਪੈਰ ਦਬਾਉਣ ਜਾਂ ਸੇਵਾ ਕਰਨ ਦੀ ਪੇਸ਼ਕਸ਼ ਕਰਦਾ ਸੀ। ਪਰ ਅੰਕਲ ਸਦਾ ਪਿਆਰ ਨਾਲ ਉਸਦੀਆਂ ਗੱਲ੍ਹਾਂ ਤੇ ਥਾਪੜਾ ਦੇ ਕੇ ਟਾਲ ਜਾਂਦੇ ਸਨ। ਥਕਾਵਟ ਹੋਣ ਤੇ ਵੀ ਕਦੇ ਸੇਵਾ ਨਹੀਂ ਸਨ ਕਰਵਾਉਂਦੇ, ਸਗੋਂ ਘਰਦਿਆਂ ਕੰਮਾਂ ਵਿੱਚ ਵੀ ਕੱਲੇ ਹੀ ਲੱਗੇ ਰਹਿਦੇ ਸਨ। ਉਨ੍ਹਾਂ ਨੇ ਇਸਨੂੰ ਸਦਾ ਆਪਣੇ ਬੱਚੇ ਵਾਂਗ ਰੱਖਿਆ ਸੀ।

ਉਨ੍ਹਾਂ ਨੇ ਤਨਿਸ਼ਕ ਨੂੰ ਇੱਕ ਲਾਡ—ਪਿਆਰ ਭਰੀ ਜ਼ਿੰਦਗੀ ਦਿੱਤੀ ਸੀ। ਤਨਿਸ਼ਕ ਵੀ ਉਨ੍ਹਾਂ ਦੀ ਇੱਕ ਫੋਟੋ ਸਦਾ ਆਪਣੀ ਜੇਬ ਵਿੱਚ ਰੱਖਦਾ ਸੀ। ਉਹ

ਸੋਚਿਆ ਕਰਦਾ ਕਿ ਜਦ ਕਦੇ ਉਸਦਾ ਆਪਣਾ ਘਰ ਵੱਸੇਗਾ, ਬੱਚੇ ਹੋਣਗੇ ਤਾਂ ਉਹ ਆਪਣੇ ਪਰਿਵਾਰ ਨੂੰ ਅੰਕਲ ਦੀ ਜਾਣ—ਪਛਾਣ ਦਾਦੇ ਦੇ ਨਾਤੇ ਕਰਵਾਏਗਾ। ਭਾਵ ਆਪਣੇ ਪਿਤਾ ਸਮਾਨ। ਖੁਦ ਉਸਨੂੰ ਆਪਣੇ ਅਸਲੀ ਪਿਤਾ ਦਾ ਤਾਂ ਹੁਣ ਚਿਹਰਾ ਵੀ ਠੀਕ ਤਰਾਂ ਯਾਦ ਨਹੀਂ ਸੀ ਰਿਹਾ, ਜੋ ਉਸਨੂੰ ਬਚਪਨ ਵਿੱਚ ਹੀ ਛੱਡ ਕੇ ਤਾਈਵਾਨ ਚਲਾ ਗਿਆ ਸੀ। ਪਰ ਹਾਂ ਉਸਨੂੰ ਆਪਣੀ ਮਾਂ ਨਾਲ ਬੜਾ ਪਿਆਰ ਸੀ ਤੇ ਉਸਨੂੰ ਕਦੇ ਭੁੱਲਿਆ ਵੀ ਨਹੀਂ ਸੀ। ਉਹ ਜਾਣਦਾ ਸੀ ਕਿ ਉਸਦੀ ਮਾਂ ਆਸਾਨਿਕਾ ਪਰਾਈ ਵੀ ਹੋਈ ਤਾਂ ਆਪਣੀ ਮਰਜ਼ੀ ਨਾਲ ਨਹੀਂ, ਸਗੋਂ ਇੱਕ ਅਜ਼ਨਬੀ ਦੇ ਵਰਗਲਾਉਣ ਨਾਲ ਹੋਈ ਸੀ। ਇਸ ਕਰਕੇ ਤਨਿਸ਼ਕ ਨੇ ਆਪਣੀ ਮਾਂ ਨੂੰ ਕਦੇ ਕਸੂਰਵਾਰ ਨਹੀਂ ਸੀ ਜਾਣਿਆ। ਮਾਂ ਨੂੰ ਜੋ ਚਾਹੀਦਾ ਸੀ ਸੋ ਤਨਿਸ਼ਕ ਉਸ ਦੀ ਪੂਰਤੀ ਨਹੀਂ ਸੀ ਕਰ ਸਕਦਾ। ਅਜਿਹੀ ਸੁਰੱਖਿਆ ਤਾਂ ਉਸਨੂੰ ਅਜ਼ਨਬੀ ਤੋਂ ਹੀ ਪ੍ਰਾਪਤ ਹੋ ਸਕੀ, ਸਹਾਰਾ ਮਿਲਣ ਤੇ।

ਖੈਰ ਇਹ ਸਭ ਖਿਆਲੀ ਪੁਲਾਓ ਸਨ ਪੁਰਾਣੀਆਂ ਯਾਦਾਂ ਦੇ। ਹੁਣ ਤਾਂ ਤਨਿਸ਼ਕ ਦਾ ਮੋਢਾ ਖੁਦ ਕਿਸੇ ਦਾ ਆਸਰਾ ਬਣਨ ਲਈ ਉਤਾਵਲਾ ਸੀ। ਉਸ ਦੀਆਂ ਨਜ਼ਰਾਂ ਕਿਸੇ ਬਸੇਰੇ ਦੇ ਦਵਾਰ ਖੋਲਣ ਲਈ ਚਮਕ ਰਹੀਆਂ ਸਨ। ਕੋਈ ਮਾਕੂਲ ਦਰ ਮਿਲੇ।।। ਤੇ ਜ਼ਿੰਦਰੇ ਨੂੰ ਚਾਬੀ ਲਾਏ। ਆਪਣੀ ਜ਼ਿੰਦਗਾਨੀ ਦਾ ਦਰਵਾਜ਼ਾ ਖੋਲ੍ਹਣ ਲਈ ਤੇ ਇੱਕ ਨਵੀਂ ਬਸਤੀ ਬਸਾਉਣ ਲਈ।

ਤਨਿਸ਼ਕ ਪੜਿ੍ਹਆ—ਲਿਖਿਆ ਨਹੀਂ ਸੀ। ਪਰ ਉਹ ਜਾਣਦਾ ਸੀ ਕਿ ਇੱਥੇ ਅਮਰੀਕਾ ਦੇ ਬੈਂਕਾਂ ਵਿੱਚ ਰੱਖੇ ਆਪਣੇ ਪੈਸੇ ਤੇ ਵਿਆਜ਼ ਨਹੀਂ ਮਿਲਦਾ। ਇਹ ਵੀ ਸਮਝਦਾ ਸੀ ਕਿ ਆਪਣੇ ਪੈਸੇ ਨੂੰ ਸੋਨੇ—ਚਾਂਦੀ ਦੇ ਰੂਪ ਵਿੱਚ ਰੱਖਣਾ ਵੀ ਸੁਰੱਖਿਅਤ ਨਹੀਂ, ਕਿਉਂਕਿ ਇੱਕ ਦੇਸ਼ ਤੋਂ ਦੂਸਰੇ ਦੇਸ਼ ਵਿੱਚ ਦਾਖ਼ਲ ਹੋਣ ਤੇ ਬਾਡਰ ਤੇ ਪੂਰੀ ਚੌਕਸੀ ਰਹਿੰਦੀ ਹੈ। ਇਸ ਲਈ ਸੁਰੱਖਿਆ ਜਾਂਚ ਹੋਣ ਤੇ ਆਪਣੇ ਮਾਲ—ਅਸਬਾਬ ਦੀ ਪੂਰੀ ਜਵਾਬਦੇਹੀ ਨਿਭਾਉਣੀ ਪੈਂਦੀ ਹੈ। ਸੋ ਇਸ ਮਾਮਲੇ ਵਿੱਚ ਉਸਨੂੰ ਸਭ ਤੋਂ ਵੱਧ ਭਰੋਸਾ ਸ਼ੇਖ ਸਾਹਿਬ ਤੇ ਹੀ ਸੀ। ਉਹ ਜਾਣਦਾ ਸੀ ਕਿ ਸ਼ੇਖ ਸਾਹਿਬ ਪਾਸ ਰੱਖਿਆ ਉਸਦਾ ਪੈਸਾ ਮਹਿਫੂਜ਼ ਰਹੇਗਾ ਤੇ ਉਹ ਕਦੇ ਅਮਾਨਤ ਵਿੱਚ ਖ਼ਿਆਨਤ ਨਹੀਂ ਕਰ ਸਕਦੇ। ਆਖ਼ਿਰ ਜਿਸ ਇੱਜ਼ਤਦਾਰ ਆਦਮੀ ਨੇ ਤਨਿਸ਼ਕ ਕੋਲੋਂ ਕੁਝ ਨਹੀਂ ਛੁਪਾਇਆ, ਉਹ ਉਸ ਦੇ ਧੰਨ ਤੇ ਕੀ ਨਜ਼ਰ ਰੱਖੇਗਾ।

ਆਖ਼ਿਰ ਇੱਕ ਦਿਨ ਤਨਿਸ਼ਕ ਭਾਰਤ ਵਿੱਚ ਆ ਗਿਆ। ਪਹਿਲਾਂ ਦਿੱਲੀ ਉੱਤਰਿਆ। ਇੱਥੇ ਦੇ ਬਹੁਤ ਵੱਡੇ ਇੰਦਰਾ ਗਾਂਧੀ ਹਵਾਈ ਅੱਡੇ ਤੇ ਪੰਜ ਘੰਟੇ ਬਿਤਾ ਕੇ ਸ੍ਰੀਨਗਰ ਜਾਣ ਵਾਲੇ ਜਹਾਜ਼ ਵਿੱਚ ਚੜ੍ਹ ਗਿਆ।

ਡੱਲ ਝੀਲ ਦੇ ਸਾਹਮਣੇ ਬਣੇ ਇੱਕ ਹੋਟਲ ਵਿੱਚ ਕੌਫੀ ਪੀਂਦੇ ਨੇ ਜਦ ਬਾਹਰ ਦਾ ਨਜ਼ਾਰਾ ਦੇਖਿਆ ਤਾਂ ਉਸਨੂੰ ਆਰਾਮ ਤਾਂ ਮਿਲਿਆ ਹੀ ਪਰ ਨਾਲ ਹੀ ਇੱਕ ਬੇਚੈਨੀ ਵੀ ਆ ਜੁੜੀ। ਅਮਰੀਕਾ ਦੇ ਮੁਕਾਬਲੇ ਇਹ ਇੱਕ ਪਿਛੜਿਆ ਹੋਇਆ ਇਲਾਕਾ ਸੀ। ਉਸਨੂੰ ਲੱਗਦਾ ਕਿ ਉਹ ਕੋਈ ਜਗਮਗ ਕਰਦਾ ਮਹਾਂਨਗਰ ਤਿਆਗ ਕੇ ਕਿਸੇ ਕਸਬੇ ਜਾਂ ਪਿੰਡ ਵਿੱਚ ਆ ਬੈਠਾ ਹੈ। ਅਜਿਹਾ ਵੀ ਨਹੀਂ ਸੀ ਕਿ ਤਨਿਸ਼ਕ ਨੇ ਕਦੇ ਕੋਈ ਪਿੰਡ ਨਹੀਂ ਸੀ ਦੇਖਿਆ। ਪਰ ਉਸਨੂੰ ਇੱਥੇ ਦਾ ਵਾਤਾਵਰਣ ਬੜਾ ਬੇਤਰਤੀਬ, ਬੇਸੁਰਾ ਤੇ ਅਸੁਰੱਖਿਅਤ ਜਿਹਾ ਮਹਿਸੂਸ ਹੋ ਰਿਹਾ ਸੀ।

ਕੁੱਝ ਸੰਭਲਣ ਦੇ ਮਗਰੋਂ ਜਦ ਉਹ ਹੋਟਲ ਦਾ ਆਪਣਾ ਕਮਰਾ ਬੰਦ ਕਰਕੇ ਘੁੰਮਣ—ਫਿਰਨ ਲਈ ਬਾਹਰ ਆਇਆ ਤਾਂ ਉਸਦੀ ਮੁਲਾਕਾਤ ਸਾਂਝਾ ਨਾਓਂ ਦੇ ਇੱਕ ਲੜਕੇ ਨਾਲ ਹੋ ਗਈ ਜੋ ਡੱਲ ਦੇ ਕਿਨਾਰੇ ਆਪਣਾ ਛੋਟਾ ਜਿਹਾ ਬਜਰਾ ਲੈ ਕੇ ਕਿਸੇ ਟੂਰਿਸਟ ਦੀ ਭਾਲ ਵਿੱਚ ਸੀ। ਤਨਿਸ਼ਕ ਨੇ ਆਪਣੀ ਇਕੱਲਤਾ ਦੂਰ ਕਰਨ ਖਾਤਿਰ ਸਾਂਝਾ ਦੇ ਬਜਰੇ ਨੂੰ ਚਾਰ—ਪੰਜ ਘੰਟਿਆਂ ਲਈ ਬੁੱਕ ਕਰ ਲਿਆ ਅਤੇ ਖ਼ਾਮੋਸ਼ ਪਈ ਡੱਲ ਵਿੱਚ ਸਾਂਝੇ ਦੀ ਪਤਵਾਰ ਚੱਲਣ ਨਾਲ ਪਾਣੀ ਵਿੱਚ ਲਹਿਰਾਂ ਉੱਠਣ ਲੱਗੀਆਂ। ਚੱਪੂ ਚਲਾਉਂਦਾ ਹੋਇਆ ਇਹ ਜਵਾਨ ਤਨਿਸ਼ਕ ਨੂੰ ਕਸ਼ਮੀਰ ਬਾਰੇ ਲਗਾਤਾਰ ਦੱਸਦਾ ਜਾ ਰਿਹਾ ਸੀ। ਕਸ਼ਮੀਰ ਕੀ ਸੀ ਤੇ ਕੀ ਹੋ ਕੇ ਰਹਿ ਗਿਆ, ਕਿਵੇਂ ਇਸ ਦੀਆਂ ਫਿਜ਼ਾਵਾਂ ਬਦਲੀਆਂ, ਕਿਵੇਂ ਖੌਫ਼ ਪੈਦਾ ਕੀਤਾ ਗਿਆ ਤੇ ਕਦੇ ਧਰਤੀ ਤੇ ਜੰਨਤ ਕਿਹਾ ਜਾਣ ਵਾਲਾ ਇਹ ਸ਼ਹਿਰ ਆਪਣੇ ਬਾਸ਼ਿੰਦਿਆਂ ਲਈ ਨਰਕ ਦਾ ਰੂਪ ਧਾਰਨ ਕਰ ਗਿਆ।

ਤਨਿਸ਼ਕ ਹੁਣ ਇੱਕ ਮਾਲਦਾਰ ਵਿਦੇਸ਼ੀ ਸੌਦਾਗਰ ਸੀ। ਅੱਖਾਂ ਮੀਟ ਕੇ ਪਿਆ ਉਸਦੀਆਂ ਗੱਲਾਂ ਨੂੰ ਚੁੱਪਚਾਪ ਸੁਣਦਾ ਰਿਹਾ। ਪਾਣੀ ਦੇ ਵਿੱਚ ਤੈਰਦੀ ਜਦ ਕੋਈ ਹੋਰ ਕਿਸ਼ਤੀ ਕਰੀਬ ਤੋਂ ਲੰਘਦੀ ਤਾਂ ਸਾਂਝਾ ਤਨਿਸ਼ਕ ਨੂੰ ਦੱਸਦਾ ਕਿ ਇਹ ਛੋਟੇ—ਛੋਟੇ ਦੁਕਾਨਦਾਰ ਟੂਰਿਸਟਾਂ ਨੂੰ ਆ—ਆ ਕੇ ਆਪਣਾ ਸਮਾਨ ਵੇਚਕੇ ਗੁਜ਼ਾਰਾ ਕਰਦੇ ਹਨ। ਕਿਸੇ ਸਮਾਨ ਵਾਲੀ ਕਿਸ਼ਤੀ ਨੂੰ ਇਸ਼ਾਰਾ ਕਰਕੇ ਤਨਿਸ਼ਕ ਲਈ ਰੋਕ ਵੀ ਲੈਂਦਾ ਤਾਂ ਤਨਿਸ਼ਕ ਵੀ ਉਸਦਾ ਦਿਲ ਰੱਖਣ ਲਈ ਮੁੱਲ ਪੁੱਛ ਕੇ ਭਾਓ ਕਰਦਾ। ਉਸਨੂੰ ਇਹ ਜਾਣ ਕੇ ਬੜੀ ਬੇਚੈਨੀ ਹੁੰਦੀ ਕਿ ਮਾਲ ਦੀ ਕੀਮਤ ਬੜੀ ਘੱਟ ਹੈ ਭਾਵ ਕਿ ਮਾਲ ਇੱਥੇ ਸਸਤਾ ਹੈ ਨਾਲ ਸਮਾਨ ਵੇਚਣ ਦਾ ਢੰਗ ਬੜਾ ਘਟੀਆ ਤੇ ਬੇਤਰਤੀਬ ਵਾਲਾ ਹੈ। ਉਹ ਭਾਅ ਪੁੱਛ ਕੇ ਛੱਡ ਦਿੰਦਾ ਤੇ ਕਿਸ਼ਤੀ ਅੱਗੇ ਲੰਘ ਜਾਂਦੀ।

ਇੱਥੇ ਵਿਕਣ ਵਾਲੀਆਂ ਖਾਣ—ਪੀਣ ਦੀਆਂ ਚੀਜ਼ਾਂ ਨੂੰ ਦੇਖ ਕੇ ਵੀ ਤਨਿਸ਼ਕ ਨੂੰ ਚੰਗਾ ਨਾ ਲੱਗਿਆ। ਚੀਜ਼ਾਂ ਸਟੈਂਡਰਡ ਦੀਆਂ ਤੇ ਸਾਫ਼—ਸੁਥਰੀ ਪੈਕਿੰਗ ਵਿੱਚ ਨਹੀਂ ਸਨ। ਭਾਅ ਬਾਜ਼ੀ ਵੀ ਕਰਨੀ ਪੈਂਦੀ। ਤਨਿਸ਼ਕ ਨੂੰ ਇਹ ਸਾਮਾਨ ਨਾ ਤਾਂ ਪ੍ਰਮਾਣਿਤ ਲੱਗਾ ਤੇ ਨਾ ਹੀ ਹਾਈਜੀਨਿਕ। ਉਹ ਜਿਸ ਦੇਸ਼ ਤੋਂ ਆਇਆ ਸੀ ਤੇ ਉਸਦੇ ਜਿਸ ਸ਼ਹਿਰ ਤੋਂ ਆਇਆ ਸੀ, ਉਹ ਉੱਥੋਂ ਦੀ ਹਰ ਚੀਜ਼ ਨੂੰ ਲੜੀਵਾਰ ਤੇ ਸਾਫ਼—ਸੁਥਰੇ ਤਰੀਕੇ ਨਾਲ ਲੈਣ—ਦੇਖਣ ਦਾ ਆਦੀ ਸੀ। ਕਦੇ—ਕਦੇ ਉਸਨੂੰ ਮਹਿਸੂਸ ਹੁੰਦਾ ਕਿ ਉਸਨੇ ਇੱਥੇ ਆ ਕੇ ਗਲਤੀ ਕੀਤੀ ਹੈ।

ਪਰ ਜਦ ਉਸਨੂੰ ਲਾਮੇ ਦੀਆਂ ਸੁਣਾਈਆਂ ਕਹਾਣੀਆਂ ਯਾਦ ਆਉਂਦੀਆਂ ਤਾਂ ਉਹ ਮਨ ਹੀ ਮਨ ਸੰਭਲ ਜਾਂਦਾ ਤੇ ਸੋਚਦਾ ਕਿ ਸ਼ਾਇਦ ਹੌਲੇ—ਹੌਲੇ ਉਸਦਾ ਦਿਲ ਲੱਗ ਜਾਏਗਾ। ਇਥੇ ਆਦਮੀ ਵਕਤ ਤੇ ਸਵਾਰ ਸੀ, ਨਾ ਕਿ ਵਕਤ ਆਦਮੀ ਦੇ ਸਿਰ ਚੜ੍ਹ ਕੇ ਬੋਲਦਾ। ਹੁਣ ਜ਼ਿੰਦਗੀ ਵਿੱਚ ਠਹਿਰਾਓ ਚਾਹੁਣ ਵਾਲੇ ਤਨਿਸ਼ਕ ਲਈ ਇਹ ਇੱਕ ਵੱਡੀ ਸੋਚ ਸੀ। ਉਹ ਕਈ—ਕਈ ਘੰਟੇ ਖਾਲੀ ਸੜਕਾਂ ਤੇ ਟਹਿਲਦਾ ਰਹਿੰਦਾ। ਕਦੇ—ਕਦੇ ਉਹ ਡੱਲ ਝੀਲ ਵਿੱਚ ਤੈਰ ਵੀ ਲੈਂਦਾ। ਹੋਟਲ ਦੀ ਛੱਤ ਤੇ ਵੇਲ੍ਹਾ ਬੈਠ ਸੜਕਾਂ ਤੇ ਹਲਚਲ ਦੇ ਨਜ਼ਾਰੇ ਦੇਖਦਾ ਰਹਿੰਦਾ। ਸ੍ਰੀਨਗਰ ਚਾਰ—ਚੁਫੇਰਿਉਂ ਪਹਾੜਾਂ ਨਾਲ ਘਿਰਿਆ ਹੋਇਆ ਸੀ। ਸਵੇਰੇ ਉੱਠ ਕੇ ਦੂਰ—ਦੂਰ ਤੱਕ ਪੈਦਲ ਸੈਰ ਕਰ ਆਉਂਦਾ। ਉਸਨੇ ਕੁਝ ਦਿਨਾਂ ਵਿੱਚ ਹੀ ਪੂਰਾ ਸ੍ਰੀਨਗਰ ਚੰਗੀ ਤਰਾਂ ਘੁੰਮ ਲਿਆ। ਬੇਸ਼ਕ ਹਾਲੇ ਉਹ ਹੋਟਲ ਵਿੱਚ ਹੀ ਸੀ, ਪਰ ਹੁਣ ਉਸਨੇ ਕਿਰਾਏ ਦੇ ਮਕਾਨ ਲਈ ਵੀ ਕਿਸੇ ਨਾਲ ਗੱਲਬਾਤ ਕਰ ਲਈ ਸੀ। ਇਹ ਮਕਾਨ ਕੁੱਝ ਦਿਨਾਂ ਵਿੱਚ ਹੀ ਖਾਲੀ ਹੋ ਜਾਣ ਵਾਲਾ ਸੀ।

ਤਨਿਸ਼ਕ ਨੇ ਇਥੇ ਆ ਕੇ ਆਪਣੇ ਲਈ ਸਥਾਨਕ ਲੋਕਾਂ ਵਰਗੇ ਕੁਝ ਕਪੜੇ ਖਰੀਦ ਲਏ। ਹੁਣ ਉਹ ਕਦੇ ਪਠਾਨੀ ਸੂਟ, ਕੁਰਤਾ—ਪਜ਼ਾਮਾ ਜਾਂ ਕਮੀਜ਼—ਪੈਂਟ ਪਾਉਣ ਲੱਗ ਪਿਆ। ਉਸਦਾ ਗੋਰਾ—ਗੋਲ ਜਾਪਾਨੀ ਚਿਹਰਾ ਸਥਾਨਕ ਲੋਕਾਂ ਵਿੱਚ ਖਿੱਚ ਦਾ ਕਾਰਨ ਬਣਿਆ ਰਿਹਾ ਤੇ ਇਹ ਵੀ ਲੋਕਾਂ ਨਾਲ ਘੁਲਦਾ—ਮਿਲਦਾ ਰਹਿੰਦਾ ਸੀ।

ਸ਼ੇਖ ਸਾਹਿਬ ਨਾਲ ਇਸਦੀ ਗੱਲਬਾਤ ਟੈਲੀਫੋਨ ਤੇ ਹੁੰਦੀ ਰਹਿੰਦੀ। ਉਹ ਸਦਾ ਇਸ ਨੂੰ ਸਲਾਹਾਂ ਦਿੰਦੇ ਰਹਿੰਦੇ ਤੇ ਇਹ ਆਪਣੇ ਤੌਰ ਤੇ ਵੀ ਕੰਮ ਦੇ ਯੋਗ ਜਗ੍ਹਾ ਦੀ ਤਲਾਸ਼ ਕਰਦਾ ਰਹਿੰਦਾ। ਇਸਦਾ ਮਨ ਹੁਣ ਕਿਸੇ ਹੋਰ ਕਾਰੋਬਾਰ ਵਿੱਚ ਵੀ ਹੱਥ ਅਜ਼ਮਾਉਣਾ ਚਾਹੁੰਦਾ ਸੀ। ਇਥੇ ਇਸਨੂੰ ਜ਼ਿੰਦਗੀ ਆਸਾਨ ਲੱਗਣ ਲੱਗੀ। ਇਸਨੂੰ ਲੱਗਦਾ ਕਿ ਇੱਥੇ ਕੋਈ ਵੀ ਕੰਮ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਛੋਟਾ ਸ਼ਹਿਰ ਹੋਣ ਕਰਕੇ ਖਰਚੇ ਵੀ ਘੱਟ ਸਨ।

ਇੱਕ ਦਿਨ ਹੋਟਲ ਦੀ ਲੌਬੀ ’ਚ ਬੈਠਾ ਤਨਿਸ਼ਕ ਉੱਥੇ ਰੱਖੇ ਅਖ਼ਬਾਰਾਂ ਦੇ ਪੰਨੇ ਉਲਟ—ਪੁਲਟ ਕਰਦਾ ਰਿਹਾ ਸੀ ਤੇ ਸਾਹਮਣੇ ਟੀ।ਵੀ। ਚੱਲ ਰਿਹਾ ਸੀ। ਅਖ਼ਬਾਰਾਂ ਹਿੰਦੀ ਅੰਗ੍ਰੇਜ਼ੀ ਤੇ ਉਰਦੂ ਦੇ ਸਨ। ਤਨਿਸ਼ਕ ਨੂੰ ਕੋਈ ਵੀ ਭਾਸ਼ਾ ਚੰਗੀ ਤਰ੍ਹਾਂ ਪੜ੍ਹਨੀ ਨਹੀਂ ਸੀ ਲਆਉਂਦੀ। ਇਸ ਲਈ ਉਸਨੇ ਪੜ੍ਹਨਾ ਤੇ ਕੀ ਸੀ ਬਸ ਤਸਵੀਰਾਂ ਦੇਖਦਾ ਸੀ। ਕੋਈ ਟਾਵਾਂ—ਟਾਵਾਂ ਅੱਖਰ ਉਸਦੇ ਪੱਲੇ ਪੈ ਵੀ ਜਾਂਦਾ। ਅਖ਼ਬਾਰਾਂ ਪਲਟਦਿਆਂ ਇੱਕ ਪੰਨਾ ਦੇਖਕੇ ਤਨਿਸ਼ਕ ਅਚਾਨਕ ਖੁਸ਼ੀ ਨਾਲ ਭਰ ਗਿਆ। ਅਖ਼ਬਾਰ ਵਿੱਚ ਸੈਲੀਨਾ ਨੰਦਾ ਦੀ ਇੱਕ ਵੱਡੀ ਸਾਰੀ ਰੰਗੀਨ ਫੋਟੋ ਸੀ। ਉਹ ਤਾਂ ਇਸ ਫੋਟੋ ਨੂੰ ਅੱਖਾਂ ਬੰਦ ਕਰਕੇ ਵੀ ਪਛਾਣ ਸਕਦਾ ਸੀ। ਉਸਦੇ ਸਰੀਰ ਦੇ ਅੰਗ—ਅੰਗ ਵਿੱਚ ਰੋਮਾਂਚ ਭਰ ਗਿਆ। ਉਸਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰੇ ਜਾਂ ਕਿਸਨੂੰ ਦੱਸੇ ਕਿ ਇਸ ਫੋਟੋ ਵਾਲੀ ਲੜਕੀ ਨੂੰ ਉਹ ਚੰਗੀ ਤਰ੍ਹਾਂ ਜਾਣਦਾ ਹੈ। ਸਿਰਫ਼ ਜਾਣਦਾ ਹੀ ਨਹੀਂ ਸਗੋਂ ਉਸਦੇ ਸਰੀਰ ਦੇ ਪੋਰ—ਪੋਰ ਤੋਂ ਵਾਕਿਫ਼ ਹੈ। ਉਸਨੇ ਉਤਸ਼ਾਹਿਤ ਹੋ ਕੇ ਸਾਹਮਣੇ ਕਾਊਂਟਰ ਤੇ ਬੈਠੇ ਹੋਟਲ ਦੇ ਮੈਨੇਜ਼ਰ ਤੋਂ ਅਖ਼ਬਾਰ ਦਾ ਉਹ ਪੰਨਾ ਮੰਗ ਲਿਆ ਤੇ ਉਸਨੂੰ ਲੈ ਕੇ ਤੁਰੰਤ ਆਪਣੇ ਕਮਰੇ ਵੱਲ ਨੂੰ ਤੁਰ ਪਿਆ। ਜਾਂਦਾ—ਜਾਂਦਾ ਉਹ ਮੈਨੇਜ਼ਰ ਨੂੰ ਕਹਿਣਾ ਨਹੀਂ ਭੁਲਦਾ ਕਿ ਉਹ ਇਸ ਮੈਡਮ ਨੂੰ ਚੰਗੀ ਤਰਾਂ ਜਾਣਦਾ ਹੈ। ਮੈਨੇਜ਼ਰ ਨੇ ਵੀ ਬੜੀ ਗੌਰ ਨਾਲ ਉਸ ਨੂੰ ਦੇਖਿਆ ਤੇ ਫੇਰ ਠੰਡਾ ਸਾਹ ਭਰਕੇ ਕਿਹਾ—ਇਸਨੂੰ ਤੁਸੀਂ ਕੱਲੇ ਹੀ ਨਹੀਂ, ਸਰ! ਸਭ ਜਾਣਦੇ ਹਨ।

ਤਨਿਸ਼ਕ ਉਸ ਦੀ ਗੱਲ ਅਨਸੁਣੀ ਕਰਕੇ ਆਪਣੇ ਕਮਰੇ ਵੱਲ ਚਲਾ ਗਿਆ। ਰਸਤੇ ਵਿੱਚ ਮਿਲੇ ਇੱਕ ਵੇਟਰ ਨੂੰ ਵੀ ਰੋਕ ਕੇ ਕਿਹਾ—ਦੇਖ, ਦੇਖ ਮੈਂ ਇਸ ਮੈਡਮ ਨੂੰ ਜਾਣਦਾ ਹਾਂ (ਤਸਵੀਰ ਦਿਖਾ ਕੇ)। ਵੇਟਰ ਨੇ ਉਸ ਵੱਲ ਹੈਰਾਨ ਹੋ ਕੇ ਦੇਖਿਆ ਤੇ ਚਲਾ ਗਿਆ। ਤਨਿਸ਼ਕ ਆਪਣੇ ਕਮਰੇ ਵਿੱਚ ਜਾ ਕੇ ਵੀ ਉਸ ਛਪੀ ਤਸਵੀਰ ਨੂੰ ਬੜੇ ਗੌਰ ਨਾਲ ਦੇਖਦਾ ਰਿਹਾ। ਉੱਥੇ ਕੁਰਸੀ ਤੇ ਬੈਠੇ—ਬੈਠੇ ਉਸਨੇ ਕਈ ਵਾਰ ਅਖ਼ਬਾਰ ਚੁੱਕ ਕੇ ਫੋਟੋ ਦੇਖੀ, ਬਿਲਕੁਲ ਉਹੀ ਸੀ। ਤਨਿਸ਼ਕ ਇਸਨੂੰ ਕਿਵੇਂ ਭੁੱਲ ਸਕਦਾ ਸੀ।

ਪਰ ਉਹ ਕਿਸੇ ਨੂੰ ਇਹ ਵੀ ਨਹੀਂ ਸੀ ਕਹਿ ਸਕਿਆ ਕਿ ਉਹ ਉਸਨੂੰ ਕਿਵੇਂ ਜਾਣਦਾ ਹੈ, ਕਿਥੇ ਦੇਖਿਆ ਤੇ ਕਿਉਂ ਜਾਣਦਾ ਹੈ। ਤਨਿਸ਼ਕ ਇਹ ਗੱਲ ਕਿਸੇ ਨੂੰ ਦੱਸਣੀ ਵੀ ਨਹੀਂ ਸੀ ਚਾਹੁੰਦਾ ਕਿ ਉਹ ਤਸਵੀਰ ਵਾਲੀ ਲੜਕੀ ਨੂੰ ਕਿੱਥੇ ਮਿਲਿਆ ਸੀ ਤੇ ਕਿਵੇਂ ਮਿਲਿਆ ਸੀ। ਪਰ ਇਹ ਭੇਦ ਦੱਸੇ ਬਿਨਾ ਕੋਈ ਉਸਦੀ ਗੱਲ ਨੂੰ ਗੰਭੀਰਤਾ ਨਾਲ ਸੁਣ ਵੀ ਨਹੀਂ ਸੀ ਰਿਹਾ। ਇੱਕ ਹੋਰ ਨੌਜਵਾਨ ਵੇਟਰ ਜਦ ਤਨਿਸ਼ਕ ਨੂੰ ਮਿਲਿਆ ਤਾਂ ਉਸਨੇ ਵੀ ਲਾਪਰਵਾਹੀ ਨਾਲ ਤਨਿਸ਼ਕ ਨੂੰ ਇਹੀ ਕਿਹਾ ਕਿ ਇਸਨੂੰ ਤਾਂ ਸਭ ਜਾਣਦੇ ਨੇ, ਬਹੁਤ ਵੱਡੀ ਹੀਰੋਇਨ ਹੈ। ਜਦ ਇਸ ਦੀ ਕੋਈ ਫਿਲਮ ਲਗਦੀ ਹੈ ਤਾਂ ਸਾਰੇ ਸ਼ਹਿਰ ਵਿੱਚ ਇਸਦੇ ਪੋਸਟਰ ਲੱਗਦੇ ਹਨ। ਤਨਿਸ਼ਕ ਉਸਨੂੰ ਕਿਵੇਂ ਕਹੇ ਕਿ ਉਹ ਬਾਕੀਆਂ ਵਾਂਗ ਜਾਣਨ ਵਾਲਾ ਨਹੀਂ ਹੈ, ਉਹ ਤਾਂ ਉਸ ਨੂੰ ਬਹੁਤ ਜ਼ਿਆਦਾ ਜਾਣਦਾ ਹੈ, ਬੜੀ ਨਜ਼ਦੀਕੀ ਨਾਲ।।। ਪਰ ਕਿਸੇ ਨੂੰ ਕੁੱਝ ਦੱਸਿਆ ਨਹੀਂ ਸੀ। ਉਸ ਨੇ ਛਪੀ ਤਸਵੀਰ ਨੂੰ ਸੰਭਾਲ ਕੇ ਆਪਣੇ ਬੈਗ ਵਿੱਚ ਰੱਖ ਲਿਆ।

ਹੁਣ ਤਨਿਸ਼ਕ ਜਦ ਵੀ ਕੀਤੇ ਕੋਈ ਅਖ਼ਬਾਰ ਦੇਖਦਾ ਹੈ ਤਾਂ ਉਸਨੂੰ ਖੋਲ੍ਹ—ਖੋਲ੍ਹ ਕੇ ਚੈਕ ਕਰਦਾ, ਉਹ ਸਭ ਤਸਵੀਰਾਂ ਨੂੰ ਧਿਆਨ ਨਾਲ ਦੇਖਦਾ। ਉਸਨੂੰ ਇੱਥੇ ਆ ਕੇ ਪਤਾ ਲੱਗਾ ਕਿ ਇਹ ਇੱਕ ਵੱਡੀ ਹੀਰੋਇਨ ਹੈ ਤੇ ਹੈ ਵੀ ਇਸੇ ਦੇਸ਼ ਦੀ। ਤਨਿਸ਼ਕ ਆਪਣੇ ਇਸ ਸਨਮਾਨ ਪੱਤਰ ਨੂੰ ਕਿਸੇ ਨੂੰ ਦਿਖਾ ਵੀ ਨਹੀਂ ਸੀ ਸਕਦਾ। ਪਰ ਮਨ ਹੀ ਮਨ ਸੋਚ ਕੇ ਉਸਦਾ ਸੀਨਾ ਫੁੱਲ ਜਾਂਦਾ ਕਿ ਉਸਦੀ ਇਸ ਲੜਕੀ ਨਾਲ ਨੇੜਤਾ ਹੈ। ਇਹ ਵੀ ਤਹਿ ਸੀ ਕਿ ਜੇਕਰ ਕਿਤੇ ਆਹਮਣੇ —ਸਾਹਮਣੇ ਟਾਕਰਾ ਹੋ ਜਾਵੇ ਤਾਂ ਉਹ ਜ਼ਰੂਰ ਇਸ ਨੂੰ ਪਹਿਚਾਨ ਲਵੇਗੀ। ਪਰ ਉਹ ਕਿਵੇਂ ਮਿਲਦਾ, ਕਿਉਂ ਮਿਲਦਾ, ਜਾਂ ਇਹ ਲੜਕੀ ਹੀ ਇਸਨੂੰ ਕਿਉਂ ਮਿਲਦੀ, ਇਹ ਸਭ ਕਲਪਨਾ ਭਰਪੂਰ ਸੀ। ਹੁਣ ਜਦ ਕਦੇ ਟੀ।ਵੀ। ਤੇ ਕੋਈ ਫਿਲਮ ਚੱਲਦੀ ਤਾਂ ਤਨਿਸ਼ਕ ਬੜੇ ਧਿਆਨ ਨਾਲ ਦੇਖਦਾ ਕਿ ਸ਼ਾਇਦ ਕਿਸੇ ਫਿਲਮ ਵਿੱਚ ਕੰਮ ਕਰਦੀ ਉਹ ਲੜਕੀ ਤੇ ਨਿਗਾਹ ਪੈ ਜਾਵੇ।

ਉਸਨੇ ਸਥਾਨਕ ਟੀ।ਵੀ। ਚੈਨਲਾਂ ਅਤੇ ਅਖ਼ਬਾਰਾਂ ਨਾਲ ਵੀ ਆਪਣਾ ਮੇਲਜੋਲ ਵਧਾ ਲਿਆ। ਤਨਿਸ਼ਕ ਇੱਕ ਵਾਰ ਉਸ ਵਿਅਕਤੀ ਨੂੰ ਵੀ ਮਿਲ ਆਇਆ ਸੀ ਜਿਸ ਦਾ ਪਤਾ ਅਮਰੀਕਾ ਵਿੱਚ ਸ਼ੇਖ ਸਾਹਿਬ ਨੇ ਦਿੱਤਾ ਸੀ। ਉਸਨੇ ਤਨਿਸ਼ਕ ਪਾਸੋਂ ਸ਼ੇਖ ਸਾਹਿਬ ਦੇ ਕੰਮ—ਕਾਰੋਬਾਰ ਦਾ ਹਾਲ ਚਾਲ ਬੜੀ ਗਰਮਜੋਸ਼ੀ ਨਾਲ ਪੁੱਛਿਆ ਸੀ, ਪਰ ਮਗਰੋਂ ਕੋਈ ਦਿਲਚਸਪੀ ਨਾ ਲਈ। ਬੇਸ਼ਕ ਉਨ੍ਹਾਂ ਨੇ ਰਸਮੀ ਤੌਰ ਤੇ ਤਨਿਸ਼ਕ ਨੂੰ ਕਦੇ—ਕਦੇ ਮਿਲਦੇ ਰਹਿਣ ਲਈ ਕਹਿ ਵੀ ਦਿੱਤਾ ਸੀ। ਇਸ ਕਰਕੇ ਤਨਿਸ਼ਕ ਦੀ ਇੱਛਾ ਉਨ੍ਹਾਂ ਨੂੰ ਮੁੜ ਮਿਲਣ ਦੀ ਨਹੀਂ ਸੀ। ਤਨਿਸ਼ਕ ਨੂੰ ਕੋਈ ਅਜਿਹਾ ਸਬੂਤ ਵੀ ਨਹੀਂ ਸੀ ਮਿਲਿਆ ਜਿਸ ਤੋਂ ਉਸਦੇ ਸ਼ੇਖ ਸਾਹਿਬ ਨਾਲ ਰਿਸ਼ਤੇ ਬੜੇ ਨਜ਼ਦੀਕੀ ਹੋਣ।

ਤਨਿਸ਼ਕ ਹੁਣ ਸ਼ਹਿਰ ਵਿੱਚ ਹੀ ਇੱਕ ਛੋਟੇ ਮਕਾਨ ਵਿੱਚ ਸ਼ਿਫਟ ਹੋ ਚੁੱਕਿਆ ਸੀ। ਉਥੇ ਮਾਲਕ ਮਕਾਨ ਨਾਲ ਤਾਂ ਨਹੀਂ ਸੀ ਰਹਿਦਾ। ਪਰ ਗਲੀ—ਗਵਾਂਢ ਉਸਨੂੰ ਜਾਣਦਾ ਸੀ। ਇੱਥੇ ਰਹਿੰਦਿਆਂ ਤਨਿਸ਼ਕ ਨੇ ਹੌਲੇ—ਹੌਲੇ ਬਾਜ਼ਾਰ ਵਿਚ ਵੀ ਆਪਣੀ ਜਾਣ—ਪਛਾਣ ਵਧਾਉਣੀ ਸ਼ੁਰੂ ਕਰ ਦਿੱਤੀ ਸੀ। ਉਸਦਾ ਮਨ ਹੁਣ ਪੁਰਾਣੇ ਕੰਮ ਤੋਂ ਉਚਾਟ ਹੋ ਚੁੱਕਾ ਸੀ। ਹੁਣ ਉਸਨੂੰ ਸ਼ੇਖ ਸਾਹਿਬ ਤੋਂ ਵੀ ਕਿਸੇ ਸਹਾਇਤਾ ਦੇ ਮਿਲਣ ਦੀ ਉਮੀਦ ਨਹੀਂ ਸੀ ਲੱਗ ਰਹੀ। ਸ਼ੇਖ ਸਾਹਿਬ ਨੇ ਉਸਨੂੰ ਜਿਸ ਆਦਮੀ ਦਾ ਪਤਾ—ਟਿਕਾਣਾ ਦਿੱਤਾ ਸੀ, ਉਹ ਵੀ ਤਨਿਸ਼ਕ ਨੂੰ ਕੋਈ ਜ਼ਿਆਦਾ ਭਰੋਸੇ ਵਾਲਾ ਨਹੀਂ ਸੀ ਲੱਗਿਆ। ਇਸ ਲਈ ਉਸਨੇ ਸਿਰਫ ਤੇ ਸਿਰਫ ਆਪਣੇ ਭਰੋਸੇ ਕੋਈ ਕੰਮ ਸ਼ੁਰੂ ਕਰਨ ਦੀ ਸੋਚ ਬਣਾ ਲਈ। ਸੋ ਜਲਦੀ ਹੀ ਉਸਨੇ ਬਾਜ਼ਾਰ ਵਿੱਚ ਕੋਈ ਦੁਕਾਨ ਹਾਸਿਲ ਕਰ ਲਿਤੀ। ਉਸਨੂੰ ਕਸ਼ਮੀਰੀ ਹੈਂਡੀ ਕ੍ਰਾਫਟ ਅਤੇ ਕਾਰੀਗਰੀ ਨਾਲ ਸਜੇ ਹੋਏ ਕੱਪੜੇ ਤੇ ਹੋਰ ਸਮਾਨ ਵਾਲਾ ਵਪਾਰ ਪਸੰਦ ਆ ਗਿਆ। ਕੁਝ ਹੀ ਦਿਨਾਂ ਵਿੱਚ ਬਾਜ਼ਾਰ ਵਾਲੀ ਦੁਕਾਨ ਤੇ “ਮਸਰੂ ਹੈਂਡੀਕ੍ਰਾਫਟ ਇੰਪੋਰੀਅਮ” ਦਾ ਬੋਰਡ ਟੰਗ ਦਿੱਤਾ ਗਿਆ।

ਤਨਿਸ਼ਕ ਦਾ ਘਰ ਤੇ ਦੁਕਾਨ ਨਜ਼ਦੀਕ ਹੋਣ ਨਾਲ ਉਸਦੀ ਜ਼ਿੰਦਗੀ ਥੋੜੀ ਆਰਾਮ ਦੇਹ ਹੋ ਗਈ ਸੀ। ਭਾਵੇਂ ਉਹ ਆਪਣੇ ਕਾਰੋਬਾਰ ਨੂੰ ਇਕੱਲਾ ਹੀ ਸੰਭਾਲ ਰਿਹਾ ਸੀ ਫਿਰ ਵੀ ਦਿਨ ਰਾਤ ਦੀ ਮਿਹਨਤ ਨਾਲ ਉਸਨੇ ਬਾਜ਼ਾਰ ਵਿੱਚ ਜਲਦੀ ਹੀ ਆਪਣੀ ਪੈਠ ਬਣਾ ਲਈ ਸੀ। ਉਸਨੇ ਇੰਪੋਰੀਅਮ ਤੇ ਕੰਮ ਕਰਨ ਲਈ ਦੋ ਲੜਕੇ ਵੀ ਰੱਖ ਰਏ ਸਨ, ਜਿਨ੍ਹਾਂ ਵਿੱਚੋਂ ਇੱਕ ਤਾਂ ਉਸਦੇ ਨਾਲ ਹੀ ਉਸਦੇ ਘਰ ਵਿੱਚ ਰਹਿਣ ਲਈ ਵੀ ਆ ਗਿਆ ਸੀ। ਇਹ ਲੜਕੇ ਸਥਾਨਕ ਸਨ ਤੇ ਸ਼ੇਖ ਸਾਹਿਬ ਦੇ ਮਿੱਤਰ ਦੀ ਜਾਣਕਾਰੀ ਵਾਲੇ ਵੀ। ਮਿਹਨਤ ਅਤੇ ਈਮਾਨ ਉਨ੍ਹਾਂ ਦਾ ਆਪਣਾ ਸੀ। ਉਹ ਜਲਦੀ ਹੀ ਤਨਿਸ਼ਕ ਦੇ ਚੰਗੇ ਸਹਿਯੋਗੀ ਵੀ ਬਣ ਗਏ ਤੇ ਤਨਿਸ਼ਕ ਦਾ ਕਾਰੋਬਾਰ ਚੱਲ ਪਿਆ।

ਘੁੰਮਣ—ਫਿਰਨ ਦਾ ਸ਼ੌਕ ਤਨਿਸ਼ਕ ਦਾ ਬਣਿਆ ਰਿਹਾ। ਨਵੀਆਂ ਜਗ੍ਹਾ ਦੇਖਣਾ ਤੇ ਨਵੇਂ—ਨਵੇਂ ਲੋਕਾਂ ਨੂੰ ਆਪਣਾ ਬਣਾ ਲੈਣਾ ਉਸਦੀ ਫਿਤਰਤ ਸੀ। ਉਹ ਆਪਣੇ ਸਹਾਇਕ ਲੜਕਿਆਂ ਦੇ ਭਰੋਸੇ ਦੁਕਾਨ ਛੱਡ ਕੇ ਨਵੇਂ—ਨਵੇਂ ਉਤਪਾਦ ਈਜ਼ਾਦ ਕਰਨ ਦੀ ਘੋਖ ਲਈ ਨਿਕਲ ਜਾਂਦਾ ਤੇ ਜਰੂਰਤ ਅਨੁਸਾਰ ਕਈ ਥਾਵੀਂ ਸਾਮਾਨ ਦੀ ਖਰੀਦੋ—ਫਰੋਖ਼ਤ ਵੀ ਕਰ ਲੈਂਦਾ। ਇਸ ਬਾਜ਼ਾਰ ਵਿੱਚ ਜ਼ਿਆਦਾਤਰ ਕਸ਼ਮੀਰ ਦੀ ਸੈਰ ਕਰਨ ਵਾਲੇ ਸੈਲਾਨੀ ਹੀ ਆਉਂਦੇ ਸਨ। ਇਸ ਕਰਕੇ ਤਨਿਸ਼ਕ ਦਾ ਦਿਮਾਗ ਉਨ੍ਹਾਂ ਨੂੰ ਪਸੰਦ ਆਉਂਣ ਵਾਲੀਆਂ ਨਾਯਾਬ ਵਸਤਾਂ ਦੀ ਭਾਲ ਵਿੱਚ ਬੇਤਾਬ ਰਹਿੰਦਾ ਸੀ। ਇਸਨੇ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਸਾਰੇ ਮੁਲਕ ਦੀ ਯਾਤਰਾ ਕਰ ਲਈ। ਸਥਾਨਕ ਪਹਿਰਾਵੇ ਵਿੱਚ ਤਨਿਸ਼ਕ ਵੀ ਦੇਖਣ ਵਿੱਚ ਕਸ਼ਮੀਰੀ ਹੀ ਲੱਗਦਾ ਤੇ ਉਸਨੇ ਉਰਦੂ ਤੇ ਹਿੰਦੀ ਬੋਲਣ ਵਿੱਚ ਵੀ ਮਹਾਰਤ ਹਾਸਲ ਕਰ ਲਈ ਸੀ।

ਦੁਕਾਨ ਤੇ ਕੰਮ ਕਰਨ ਵਾਲੇ ਰੂਬੈਦ ਅਤੇ ਹਸਨ ਮਸਰੂ ਸਾਹਿਬ ਨੂੰ ਤਨਿਸ਼ਕ ਦਾ ਪਿਤਾ ਸਮਝਦੇ ਸਨ ਅਤੇ ਰੋਜ਼ਾਨਾ ਦੁਕਾਨ ’ਚ ਲੱਗੀ ਉਨ੍ਹਾਂ ਦੀ ਤਸਵੀਰ ਤੇ ਫੁੱਲ ਚੜ੍ਹਾਇਆ ਕਰਦੇ ਸਨ। ਤਨਿਸ਼ਕ ਨੇ ਵੀ ਉਨ੍ਹਾਂ ਨੂੰ ਮਸਰੂ ਅੰਕਲ ਦੇ ਬਾਰੇ ਕਦੇ ਕੁਝ ਨਹੀਂ ਸੀ ਦੱਸਿਆ। ਕਦੇ—ਕਦੇ ਤਨਿਸ਼ਕ ਦੁਕਾਨ ਤੇ ਬੈਠਾ ਪੁਰਾਣੀਆਂ ਯਾਦਾਂ ਦਾ ਪਟਾਰਾ ਖੋਲ੍ਹ ਲੈਂਦਾ। ਸਵੇਰੇ ਜਦ ਹਸਨ ਨੇ ਮਸਰੂ ਸਾਹਿਬ ਦੀ ਤਸਵੀਰ ਤੇ ਫੁੱਲ ਰੱਖ ਕੇ ਅਗਰਬੱਤੀ ਧੁਖਾਈ ਤਾਂ ਤਨਿਸ਼ਕ ਤ੍ਰਭੱਕ ਉੱਠਿਆ। ਮਾਚਸ ਦੀ ਤੀਲੀ ਦੀ ਲੌ ਅਤੇ ਅਗਰਬੱਤੀ ਦੇ ਵਿਚਕਾਰ ਉੱਠੀ ਇੱਕ ਛੋਟੀ ਜਿਹੀ ਚਿੰਗਾਰੀ ਨੇ ਉਸਨੂੰ ਉਮਰ ਦਾ ਉਹ ਪਹਿਲਾ ਦਿਨ ਯਾਦ ਕਰਾ ਦਿੱਤਾ, ਜਦੋਂ ਉਹ ਮਸਰੂ ਸਾਹਿਬ ਨੂੰ ਪਹਿਲੀ ਵਾਰੀ ਮਿਲਿਆ ਸੀ। ਵੈਲਡਿੰਗ ਕਰਦਿਆਂ ਮਸਰੂ ਸਾਹਿਬ ਨੇ ਉਦੋਂ ਇੱਕ ਅਜਿਹੀ ਚੰਗਿਆੜੀ ਉਡਾਈ ਸੀ, ਜਿਸਨੇ ਤਨਿਸ਼ਕ ਦੀ ਜ਼ਿੰਦਗੀ ਵਿੱਚ ਉਜ਼ਾਲਾ ਲੈ ਆਂਦਾ। ਤਨਿਸ਼ਕ ਮਨ ਹੀ ਮਨ ਮਸਰੂ ਅੰਕਲ ਨੂੰ ਯਾਦ ਕਰਕੇ ਦੁਕਾਨ ਤੇ ਆਉਣ ਵਾਲੇ ਗਾਹਕਾਂ ਦੀਆਂ ਖ਼ਵਾਹਿਸ਼ਾਂ ਵਿੱਚ ਉਲਝ ਜਾਂਦਾ। ਦੁਕਾਨ ਤੇ ਦਿਨੋ—ਦਿਨ ਭੀੜ ਵੱਧਦੀ ਜਾਂਦੀ ਸੀ।

ਇੱਕ ਦਿਨ ਸਵੇਰੇ ਨਹਾ—ਧੋ ਕੇ ਤਨਿਸ਼ਕ ਜਦ ਦੁਪਹਿਰ ਵੇਲੇ ਆਪਣੇ ਇੰਪੋਰੀਅਮ ਤੇ ਪਹੁੰਚਿਆ ਤਾਂ ਉਸ ਨੂੰ ਕੁਝ ਹੈਰਾਨੀ ਹੋਈ। ਭਾਵੇਂ ਕੋਈ ਵੱਡੀ ਗੱਲ ਨਹੀਂ ਸੀ, ਪਰ ਦੁਕਾਨ ਤੇ ਪਹਿਲੀ ਵਾਰ ਅਜਿਹਾ ਦੇਖ ਕੇ ਚੋਂਕ ਗਿਆ ਸੀ। ਦੁਕਾਨ ਤੇ ਇੱਕ ਔਰਤ ਹੱਥ ਵਿੱਚ ਇੱਕ ਬੈਗ ਲਈ ਕਾਂਊਟਰ ਦੇ ਕੋਲ ਪਈ ਕੁਰਸੀ ਤੇ ਬੈਠੀ ਸੀ। ਉਸਦੇ ਨਾਲ ਇੱਕ ਲੜਕੀ ਵੀ ਸੀ ਜੋ ਹੱਥਾਂ ਵਿੱਚ ਕੌਫੀ ਦਾ ਪਿਆਲਾ ਫੜੀ ਚੁਪਚਾਪ ਕੌਫੀ ਪੀਣ ਵਿੱਚ ਮਸਤ ਸੀ। ਰੂਬੈਦ ਅਤੇ ਹਸਨ ਦੋਵੇਂ ਕਾਂਊਂਟਰ ਦੇ ਇੱਕ ਪਾਸੇ ਹਲੀਮੀ ਨਾਲ ਖੜ੍ਹੇ ਸਨ। ਦੁਕਾਨ ਵਿੱਚ ਹੋਰ ਕੋਈ ਗ੍ਰਾਹਕ ਵੀ ਨਹੀਂ ਸੀ।

ਤਨਿਸ਼ਕ ਦੇ ਆਉਣ ਤੇ ਦੋਵੇਂ ਲੜਕੇ ਜਰਾ ਝਿਜ਼ਕ ਤੇ ਮੁੜ ਸਨਮਾਨ ਵਜੋਂ ਝੁਕ ਕੇ ਖੜ੍ਹੇ ਰਹੇ। ਔਰਤ ਤੇ ਲੜਕੀ ਸਹਿਜ ਭਾਵ ਬੈਠੇ ਰਹੇ। ਤਨਿਸ਼ਕ ਨੇ ਜਾਣਨ ਦੀ ਕੋਸ਼ਿਸ਼ ਕਰਦਿਆਂ ਉਨ੍ਹਾਂ ਵੱਲ ਦੇਖਿਆ ਪਰ ਕਿਸੇ ਨੇ ਕੁਝ ਨਹੀਂ ਕਿਹਾ। ਔਰਤ ਨੇ ਇੱਕ ਵੱਡਾ ਚਸ਼ਮਾ ਵੀ ਲਗਾਇਆ ਹੋਇਆ ਸੀ। ਇਸ ਸਾਂਵਲੇ ਤੇ ਝੁਰੀਆਂ ਵਾਲੇ ਚਿਹਰੇ ਨੂੰ ਦੇਖ ਕੇ ਤਨਿਸ਼ਕ ਜ਼ਰਾ ਹੈਰਾਨ ਹੋਣ ਲੱਗਾ। ਔਰਤ ਦੇਖਣ ਨੂੰ ਜਾਪਾਨੀ ਲੱਗਦੀ ਸੀ। ਹੋ ਸਕਦਾ ਹੈ ਕਿ ਉਹ ਚੀਨੀ ਜਾਂ ਤਿੱਬਤੀ ਵੀ ਹੋਵੇ ਪਰ ਉਸਦੀ ਲੜਕੀ ਪੱਕੇ ਤੌਰ ਤੇ ਜਾਪਾਨੀ ਹੀ ਲੱਗਦੀ ਸੀ। ਤਨਿਸ਼ਕ ਭਲਾ ਉਸਨੂੰ ਪਹਿਚਾਣਨ ਦੀ ਗਲਤੀ ਕਿਵੇਂ ਕਰ ਸਕਦਾ ਸੀ? ਲੜਕੀ ਪੰਜੀਆਂ ਵਰਿ੍ਹਆਂ ਦੀ ਤੇ ਗੋਰੀ—ਚਿੱਟੀ ਲੱਗਦੀ ਸੀ। ਔਰਤ ਕਰੀਬ ਸੱਠਾਂ ਤੋਂ ਪਾਰ ਦੀ ਤੇ ਰੰਗ ਦੀ ਮਾਮੂਲੀ ਸਾਂਵਲੀ ਸੀ। ਹੁਣ ਤਨਿਸ਼ਕ ਉਨ੍ਹਾਂ ਔਰਤਾਂ ਦੀ ਜਾਣ—ਪਛਾਣ ਲਈ ਉਤਾਵਲਾ ਹੋਣ ਲੱਗਾ। ਪਹਿਲਾਂ ਤਾਂ ੳਹ ਇਹੀ ਸਮਝਦਾ ਰਿਹਾ ਕਿ ਇਹ ਔਰਤ ਰੂਬੈਦ ਜਾਂ ਹਸਨ ਦੀਆਂ ਜਾਣੀਆਂ—ਪਛਾਣੀਆਂ ਹੋਣਗੀਆਂ, ਇਸ ਲਈ ਉਨ੍ਹਾਂ ਨੂੰ ਬਿਠਾ ਕੇ ਕੌਫ਼ੀ ਪਿਆ ਰਹੇ ਹਨ। ਤੇ ਇਸ ਤਰ੍ਹਾਂ ਦੀ ਆਓ—ਭਗਤ ਕਰ ਰਹੇ ਸਨ। ਪਰ ਇਨ੍ਹਾਂ ਜਾਪਾਨੀ ਔਰਤਾਂ ਨਾਲ ਇਨ੍ਹਾਂ ਦੋਹਾਂ ਦਾ ਕੀ ਸੰਬੰਧ ਹੋ ਸਕਦਾ ਸੀ।

ਔਰਤ ਨੇ ਵੀ ਤਨਿਸ਼ਕ ਨੂੰ ਬੜੇ ਗੌਰ ਨਾਲ ਦੇਖਿਆ ਤੇ ਅੰਦਾਜ਼ਾ ਲਾ ਲਿਆ ਕਿ ਸਫੈਦ ਪਠਾਣੀ ਸੂਟ ਪਾਈ ਖੜਾ ਨੌਜਵਾਨ ਕੋਈ ਜਾਪਾਨੀ ਹੀ ਹੋਵੇਗਾ। ਉਸਨੇ ਹਲਕੀ ਜਿਹੀ ਮੁਸਕਾਨ ਦੇ ਕੇ ਤਨਿਸ਼ਕ ਨੂੰ ਸਨਮਾਨਿਆਂ। ਉਸ ਬਾਜ਼ਾਰ ਵਿੱਚ ਵਿਦੇਸ਼ੀ ਸੈਲਾਨੀ ਤਾਂ ਆਉਂਦੇ ਜਾਂਦੇ ਰਹਿੰਦੇ ਸਨ ਤੇ ਤਿੱਬਤ, ਚੀਨ, ਜਾਪਾਨ ਦੇ ਕਿਸੇ ਟੂਰਿਸਟ ਦਾ ਆਉਂਣਾ ਕੋਈ ਅਜ਼ੂਬਾ ਨਹੀਂ ਸੀ। ਫਿਰ ਵੀ ਤਨਿਸ਼ਕ ਲਈ ਅਜ਼ੂਬਾ ਜਾਣਨਾ ਸੀ ਕਿ ਹਸਨ ਅਤੇ ਰੂਬੈਦ ਉਨ੍ਹਾਂ ਦੀ ਖਾਤਰਦਾਰੀ ਕਿਸ ਬਿਨਾਂ ਤੇ ਕਰ ਰਹੇ ਹਨ ਤੇ ਇਹ ਦੋਵੇਂ ਇਸ ਔਰਤ ਬਾਰੇ ਕੀ ਜਾਣਦੇ ਹਨ? ਕੀ ਇਨ੍ਹਾਂ ਔਰਤਾਂ ਨੇ ਕੁਝ ਕਿਹਾ, ਕਿਸੇ ਜਾਣ—ਪਛਾਣ ਵਾਲੇ ਦਾ ਹਵਾਲਾ ਦਿੱਤਾ, ਤਨਿਸ਼ਕ ਸੋਚ ਰਿਹਾ ਸੀ।

ਔਰਤ ਦੇ ਨਾਲ ਆਈ ਲੜਕੀ ਬਿਲਕੁਲ ਖਾਮੋਸ਼ ਸੀ, ਉਹ ਤਾਂ ਇਵੇਂ ਬੈਠੀ ਸੀ ਕਿ ਜਿਵੇਂ ਕੁਝ ਜਾਣਦੀ ਨਹੀਂ ਤੇ ਉਸਨੂੰ ਕਿਸੇ ਗੱਲ ਨਾਲ ਕੋਈ ਸਰੋਕਾਰ ਨਹੀਂ ਹੈ। ਉਸਨੇ ਤਾਂ ਕੌਫ਼ੀ ਦਾ ਕੱਪ ਵੀ ਇਸ ਲਈ ਫੜ ਲਿਆ ਸੀ ਕਿ ਉਸਦੇ ਸਾਹਮਣੇ ਖੜ੍ਹੇ ਦੋ ਸੰਜੀਦਾ ਯੁਵਕਾਂ ਨੇ ਆਫ਼ਰ ਕੀਤਾ ਸੀ। ਪਰ ਔਰਤ ਦੇ ਚਿਹਰੇ ਉੱਪਰ ਤਾਂ ਜਿਵੇਂ ਗੱਲਾਂ ਦੇ ਮੇਲੇ ਲੱਗੇ ਹੋਏ ਸਨ। ਉਸਨੂੰ ਖਿਆਲ ਆਉਂਦੇ—ਜਾਂਦੇ ਪਰ ਲਗਦਾ ਕਿ ਉਸਦੀ ਬੰਦ ਜ਼ੁਬਾਨ ਦੀ ਪੋਟਲੀ ਵਿੱਚ ਬੋਲ ਭਰੇ ਪਏ ਨੇ ਅਤੇ ਜੇਕਰ ਬੋਲਣ ਤੇ ਆਈ ਤਾਂ ਸਮੇਂ ਦੀ ਘਾਟ ਰਹਿ ਜਾਏਗੀ, ਉੱਥੇ ਖੜ੍ਹੇ ਨੌਜਵਾਨਾਂ ਦੀ ਦੁਨੀਆਂ ਰੁੱਲ ਜਾਵੇਗੀ। ਨਾਲ ਹੀ ਇਸ ਔਰਤ ਦੇ ਪੈਰਾਂ ਹੇਠ ਦੀ ਜ਼ਮੀਨ ਵੀ ਹਿੱਲ ਜਾਵੇਗੀ। ਉਸਦੇ ਨਾਲ ਵਾਲੀ ਲੜਕੀ ਹੈਰਾਨ ਹੁੰਦੀ ਜਾ ਰਹੀ ਸੀ। ਉਹ ਕਦੇ ਔਰਤ ਵੱਲ ਤੱਕਦੀ ਤੇ ਕਦੇ ਤਨਿਸ਼ਕ ਨੂੰ। ਉਸਦੀਆਂ ਸੁਰਖ ਲਿਪਸਟਿਕ ਲੱਗੀਆਂ ਬੁੱਲੀਆਂ ਜਿਵੇਂ ਕਹਿਣਾ ਚਾਹ ਰਹੀਆਂ ਹੋਣ ਕਿ ਜੇਕਰ ਕੁਝ ਹੈ ਤਾਂ ਸਾਹਮਣੇ ਕਿਉਂ ਨਹੀਂ ਆਉਂਦਾ।

ਦੋਵੇਂ ਲੜਕੇ ਵੀ ਸ਼ਾਇਦ ਇਸੇ ਲਈ ਚੁੱਪ ਹੋਣਗੇ ਕਿ ਪਹਿਲਾਂ ਦੂਸਰਾ ਕੁਝ ਬੋਲੇ। ਸੰਭਵ ਹੈ ਕਿ ਔਰਤ ਦੇ ਬੈਠਿਆਂ ਤਨਿਸ਼ਕ ਨੂੰ ਉਨ੍ਹਾਂ ਦੇ ਬਾਰੇ ਕੁਝ ਕਹਿਣ ਤੋਂ ਸੰਕੋਚ ਕਰਦੇ ਹੋਣ।

ਰੂਬੈਦ ਤਾਂ ਤਨਿਸ਼ਕ ਨੂੰ ‘ਸਰ’ ਕਹਿੰਦਾ ਸੀ ਪਰ ਹਸਨ ਕਿਉਂਕਿ ਘਰ ਵਿੱਚ ਤਨਿਸ਼ਕ ਦੇ ਨਾਲ ਜੋ ਰਹਿੰਦਾ ਸੀ ਇਸ ਕਰਕੇ, ਉਸਨੂੰ ‘ਬ੍ਰਦਰ’ ਆਖਦਾ ਸੀ, ਉਸ ਨਾਲ ਖੁੱਲ੍ਹਾ ਜੋ ਸੀ। ਕਦੇ ਕਦੇ ਭਾਈਜਾਨ ਵੀ ਕਹਿ ਕੇ ਬੁਲਾ ਲੈਂਦਾ ਸੀ। ਸੋ ਉਸ ਨੇ ਪਹਿਲ ਕੀਤੀ। ਹੌਲੇ ਜਿਹੇ ਕਿਹਾ—ਭਾਈਜਾਨ ਇਹ ਲੋਕ ਆਪ ਜੀ ਦੇ ਅੱਬੂ ਦੇ ਬਾਰੇ ਪੁੱਛ ਰਹੇ ਸਨ।

ਅੱਬੂ ਦੇ ਬਾਰੇ? ਤਨਿਸ਼ਕ ਕੁਝ ਸਮਝ ਨਾ ਸਕਿਆ। ਉਹ ਔਰਤ ਵੱਲ ਦੇਖਣ ਲੱਗਾ। ਹੁਣ ਤਾਂ ਉਹ ਆਪ ਵੀ ਜਾਣਨਾ ਚਾਹੁੰਦਾ ਸੀ ਕਿ ਆਖਿਰ ਇਹ ਲੋਕ ਕੌਣ ਹਨ ਤੇ ਕੀ ਜਾਣਨਾ ਚਾਹੁੰਦੇ ਹਨ?

ਲੜਕੀ ਤਾਂ ਇਕਦਮ ਖਾਲੀ ਪਿਆਲਾ ਰੱਖ ਕੇ ਤੇਜ਼ੀ ਨਾਲ ਖੜ੍ਹੀ ਹੋ ਗਈ। ਉਸਨੂੰ ਇਸ ਦੱਬੀ—ਦੱਬੀ ਗੱਲਬਾਤ ਹੋਣ ਤੇ ਚੰਗਾ ਨਾ ਲੱਗਿਆ। ਸਾਰੇ ਜਣੇ ਇਕੱਠੇ ਹੋ ਕੇ ਖੜ੍ਹੇ ਸਨ ਪਰ ਕੋਈ ਕੁਝ ਬੋਲ ਵੀ ਨਹੀਂ ਸੀ ਰਿਹਾ, ਜਿਸ ਕਰਕੇ ਲੜਕੀ ਅੰਦਰੋਂ—ਅੰਦਰ ਘੁੱਟਣ ਜਿਹੀ ਅਨੁਭਵ ਕਰ ਰਹੀ ਸੀ।

ਔਰਤ ਵੀ ਝਟਕੇ ਨਾਲ ਉੱਠ ਪਈ ਤੇ ਦੀਵਾਰ ਤੇ ਲਾਈ ਮਸਰੂ ਅੰਕਲ ਦੀ ਫੋਟੋ ਵੱਲ ਇਸ਼ਾਰਾ ਕਰਕੇ ਬੋਲੀ—ਮੇਰਾ ਹਸਬੈਂਡ।।। ਪਤੀ।

ਤਨਿਸ਼ਕ ਲੜਖੜਾ ਕੇ ਕਾਂਊਟਰ ਦੇ ਪਾਸ ਆ ਗਿਆ ਤੇ ਐਂਨੇ ਵਿੱਚ ਔਰਤ ਨੇ ਜ਼ੋਰ—ਜ਼ੋਰ ਨਾਲ ਰੋਣਾ ਸ਼ੁਰੂ ਕਰ ਦਿੱਤਾ। ਕੀ ਕੀਤਾ ਜਾਏ, ਕਿਸੇ ਨੂੰ ਕੁੱਝ

ਸਮਝ ਨਹੀਂ ਸੀ ਆ ਰਿਹਾ। ਲੜਕੀ ਨੇ ਆਪਣਾ ਰੁਮਾਲ ਔਰਤ ਨੂੰ ਫੜਾਉਂਣ ਦੀ ਕੋਸ਼ਿਸ਼ ਕੀਤੀ ਤੇ ਤਨਿਸ਼ਕ ਨੇ ਵੀ ਆਪਣੀਆਂ ਦੋਹੇਂ ਬਾਹਵਾਂ, ਜਿਵੇਂ ਉਹ ਔਰਤ ਨੂੰ ਡਿੱਗਣ ਤੋਂ ਬਚਾ ਲੈਣਾ ਚਾਹੁੰਦਾ ਸੀ।